ਲੋਕਾਂ ਨੂੰ ਅਫਵਾਹਾਂ ਵਿੱਚ ਵਿਸ਼ਵਾਸ਼ ਨਾ ਕਰਨ ਦੀ ਅਪੀਲ-ਡਾਕਟਰ ਬਿਸ਼ਵ ਮੋਹਨ
ਲੋਕਾਂ ਨੂੰ ਅਫਵਾਹਾਂ ਵਿੱਚ ਵਿਸ਼ਵਾਸ਼ ਨਾ ਕਰਨ ਦੀ ਅਪੀਲ-ਡਾਕਟਰ ਬਿਸ਼ਵ ਮੋਹਨ
ਲੁਧਿਆਣਾ, ( ਸੁਖਚੈਨ ਮਹਿਰਾ,ਵਿਪੁਲ ਕਾਲੜਾ ) – ਪੰਜਾਬ ਸਰਕਾਰ ਵੱਲੋਂ ਕਰੋਨਾ ਬਿਮਾਰੀ ਨੂੰ ਫੈਲਣ ਤੋਂ ਰੋਕਣ, ਸ਼ੱਕੀ ਮਰੀਜ਼ਾਂ ਦੀ ਭਾਲ ਅਤੇ ਪੀੜਤ ਲੋਕਾਂ ਦੇ ਸਹੀ ਸਮੇਂ ਉੱਤੇ ਇਲਾਜ ਨੂੰ ਯਕੀਨੀ ਬਣਾਉਣ ਲਈ ਗਠਿਤ ਕੀਤੀ ਗਈ ਸੰਜੀਵਨੀ ਟੀਮ ਦੇ ਮੈਂਬਰ ਡਾਕਟਰ ਬਿਸ਼ਵ ਮੋਹਨ ਅੱਜ ਆਪਣੇ ਹਫ਼ਤਾਵਰੀ ਫੇਸਬੁੱਕ ਲਾਈਵ ਰਾਹੀਂ ਲੋਕਾਂ ਦੇ ਰੂਬਰੂ ਹੋਏ। ਜਿਸ ਦੌਰਾਨ ਉਹਨਾਂ ਨੇ ਜਿਥੇ ਇਸ ਬਿਮਾਰੀ ਬਾਰੇ ਜਾਣਕਾਰੀ ਦਿੱਤੀ ਉਥੇ ਹੀ ਇਸ ਬਿਮਾਰੀ ਤੋਂ ਬਚਣ ਲਈ ਸਾਵਧਾਨੀਆਂ ਅਤੇ ਹਦਾਇਤਾਂ ਦੀ ਪਾਲਣਾ ਬਾਰੇ ਵੀ ਜਾਗਰੂਕ ਕੀਤਾ।
ਡਾਕਟਰ ਬਿਸ਼ਵ ਮੋਹਨ ਨੇ ਦੱਸਿਆ ਕਿ ਦੇਖਣ ਵਿਚ ਅਾ ਰਿਹਾ ਹੈ ਕਿ ਅੱਜ ਲੋਕ ਇਸ ਬਿਮਾਰੀ ਨਾਲ ਲੜਨ ਦੀ ਬਿਜਾਏ ਇਸ ਤੋਂ ਡਰਨ ਲੱਗੇ ਹਨ ਕਿ ਜੇਕਰ ਉਹ ਇਸ ਤੋਂ ਗ੍ਰਸਤ ਹੋ ਗਏ ਤਾਂ ਉਹ ਸਮਾਜਿਕ ਤੌਰ ਉੱਤੇ ਅਲੱਗ ਥਲੱਗ ਨਾ ਹੋ ਜਾਣ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਬਿਮਾਰੀ ਤੋਂ ਬਚਣ ਲਈ ਸਾਵਧਾਨੀਆਂ ਦੀ ਵਰਤੋਂ ਅਤੇ ਹਦਾਇਤਾਂ ਦੀ ਪਾਲਣਾ ਕਰਨ। ਉਹਨਾਂ ਕਿਹਾ ਕਿ ਇਹਨਾਂ ਗੱਲਾਂ ਵਿੱਚ ਕੋਈ ਵੀ ਸੱਚਾਈ ਨਹੀਂ ਹੈ ਕਿ ਵੱਧ ਤੋਂ ਵੱਧ ਪੀੜਤ ਮਰੀਜ਼ਾਂ ਨਾਲ ਸਰਕਾਰ ਨੂੰ ਜਾਂ ਡਾਕਟਰਾਂ ਨੂੰ ਕੋਈ ਫੰਡ ਮਿਲਦੇ ਹਨ। ਉਹਨਾਂ ਕਿਹਾ ਕਿ ਜੇਕਰ ਇਸ ਤਰ੍ਹਾਂ ਫੰਡ ਮਿਲਦੇ ਹੁੰਦੇ ਤਾਂ ਪੰਜਾਬ ਸਰਕਾਰ ਕੋਲ ਬਹੁਤ ਫੰਡ ਅਾ ਜਾਣੇ ਸਨ। ਇਸ ਤੋਂ ਇਲਾਵਾ ਜੇਕਰ ਕਰੋਨਾ ਬਿਮਾਰੀ ਨਾ ਹੁੰਦੀ ਤਾਂ ਫਿਰ ਸਿਹਤ ਵਿਭਾਗ ਜਾਂ ਪੁਲਿਸ ਵਿਭਾਗ ਦੇ ਲੋਕ ਆਪਣੀਆਂ ਜਾਨਾਂ ਕਿਉਂ ਗਵਾਉਂਦੇ ?
ਉਹਨਾਂ ਠੀਕ ਹੋਏ ਮਰੀਜ਼ਾਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣਾ ਪਲਾਜ਼ਮਾ ਦਾਨ ਕਰਨ ਲਈ ਅੱਗੇ ਆਉਣ ਤਾਂ ਜੌ ਵੱਧ ਤੋਂ ਵੱਧ ਲੋਕਾਂ ਨੂੰ ਬਚਾਇਆ ਜਾ ਸਕੇ। ਉਹਨਾਂ ਕਿਹਾ ਕਿ ਇਸ ਬਿਮਾਰੀ ਉਤੇ ਲੋਕਾਂ ਦੇ ਸਹਿਯੋਗ ਤੋਂ ਬਿਨਾਂ ਕਾਬੂ ਨਹੀਂ ਪਾਇਆ ਜਾ ਸਕਦਾ ਹੈ। ਇਸ ਲਈ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਮਿਸ਼ਨ ਫਤਹਿ ਨੂੰ ਸਫਲ ਕਰਨ ਲਈ ਅੱਗੇ ਆਉਣ। ਇਹ ਲੜ੍ਹਾਈ ਲੋਕਾਂ ਦੇ ਸਾਥ ਨਾਲ ਹੀ ਜਿੱਤੀ ਜਾ ਸਕਦੀ ਹੈ।