



ਆਦਰਸ਼ ਸਕੂਲ ਭੁਪਾਲ ਦੇ ਅਧਿਆਪਕ ਮੰਗਾਂ ਪੂਰੀਆਂ ਨਾ ਹੋਣ ’ਤੇ ਪਾਣੀ ਵਾਲੀ ਟੈਂਕੀ ’ਤੇ ਚੜ੍ਹ ਗਏ ਹਨ। ਜ਼ਿਕਰਯੋਗ ਹੈ ਕਿ ਆਦਰਸ਼ ਸਕੂਲ ਭੁਪਾਲ ’ਚੋਂ 21 ਅਧਿਆਪਕਾਂ ਨੂੰ ਫ਼ਾਰਗ ਕੀਤਾ ਗਿਆ ਹੈ ਅਤੇ ਉਹ ਪਿਛਲੇ ਦਿਨਾਂ ਤੋਂ ਲਗਾਤਾਰ ਧਰਨਾ ਲਗਾ ਕੇ ਰੋਸ ਜਤਾ ਰਹੇ ਹਨ। ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਭੈਣੀ ਬਾਘਾ ਨੇ ਕਿਹਾ ਕਿ ਆਦਰਸ਼ ਸਕੂਲ ਭੁਪਾਲ ਦੇ 21 ਅਧਿਆਪਕਾਂ ਨੂੰ ਬਿਨਾਂ ਨੋਟਿਸ ਦਿੱਤੇ 31 ਮਈ 2025 ਨੂੰ ਸਕੂਲ ‘ਚੋਂ ਬਾਹਰ ਕੱਢ ਦਿੱਤਾ ਗਿਆ ਸੀ ਜਿਸ ਨੂੰ ਲੈ ਕੇ ਪਿਛਲੇ ਤਿੰਨ ਦਿਨਾਂ ਤੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਅਧਿਆਪਕਾਂ ਦੀ ਹਮਾਇਤ ‘ਚ ਸਕੂਲ ਵਿਖੇ ਲਗਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਵੀਰਵਾਰ ਨੂੰ ਜ਼ਿਲ੍ਹਾ ਸਿੱਖਿਆ ਵਿਭਾਗ ਦੇ ਡੀਓ ਮਾਨਸਾ ਭੁਪਿੰਦਰ ਕੌਰ, ਡੀਐਸਪੀ ਬੂਟਾ ਸਿੰਘ ਗਿੱਲ ਅਤੇ ਐਸਡੀਐਮ ਮਾਨਸਾ ਨਾਲ ਤਿੰਨ ਘੰਟੇ ਦੇ ਕਰੀਬ ਮੀਟਿੰਗ ਕੀਤੀ ਪਰ ਉਹ ਬੇਸਿੱਟਾ ਰਹੀ। ਅੱਜ ਵੱਡਾ ਇਕੱਠ ਕਰ ਕੇ ਸਕੂਲ ਅਧਿਕਾਰੀਆਂ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤੇ ਜਾਣ ਦਾ ਐਲਾਨ ਕੀਤਾ ਸੀ। ਇਸ ਤੋਂ ਬਾਅਦ ਤਿੰਨ ਅਧਿਆਪਕਾਂ ਵੱਲੋਂ ਅੱਜ ਸਵੇਰੇ ਹੀ ਟੈਂਕੀ ‘ਤੇ ਚੜ੍ਹ ਕੇ ਐਲਾਨ ਕੀਤਾ ਕਿ ਜਿੰਨਾਂ ਸਮਾਂ 21 ਟੀਚਰਾਂ ਨੂੰ ਬਹਾਲ ਨਹੀਂ ਕੀਤਾ ਜਾਂਦਾ, ਉਨ੍ਹਾਂ ਸਮਾਂ ਉਹ ਪਾਣੀ ਵਾਲੀ ਟੈਂਕੀ ਤੋਂ ਨਹੀਂ ਉਤਰਨਗੇ।





