



*ਸੰਜੀਵ ਬਾਂਸਲ ਨੇ ਆਪਣੀ ਮਾਤਾ ਦੀ 12ਵੀਂ ਬਰਸੀ ਨੂੰ ਸਮਰਪਿਤ 33ਵੀਂ ਵਾਰ ਖੂਨ ਦਾਨ ਕੀਤਾ*
ਭਾਵੇਂ ਸਾਇੰਸ ਨੇ ਕਿੰਨੀ ਵੀ ਤਰੱਕੀ ਕਰ ਲਈ ਪ੍ਰੰਤੂ ਖੂਨ ਬਣਾਉਣ ਵਾਲੀ ਅੱਜ ਤੱਕ ਕੋਈ ਮਸ਼ੀਨ ਨਹੀਂ ਬਣੀ। ਇਸ ਲਈ ਇਸ ਦੀ ਕੀਮਤ ਨਹੀਂ ਜਾਂਚੀ ਜਾ ਸਕਦੀ। ਖ਼ੂਨ ਦਾ ਦਾਨ ਸਭ ਤੋਂ ਉੱਤਮ ਦਾਨ ਹੈ ਜਿਉਂਦੇ ਜੀਅ ਤੁਸੀ ਖ਼ੂਨਦਾਨ ਕਰਕੇ ਆਪਣੇ ਜੀਵਨ ਨੂੰ ਸਫਲ ਬਣਾ ਸਕਦੇ ਹੋ। ਆਪਣੇ ਦੇਸ਼, ਆਪਣੇ ਪਰਿਵਾਰ, ਆਪਣੀ ਭਾਸ਼ਾ, ਆਪਣੇ ਵਪਾਰ, ਆਪਣੇ ਲੋਕਾਂ, ਆਪਣੀ ਬੋਲੀ, ਵਾਤਾਵਰਣ ਅਤੇ ਕੁਦਰਤ ਨੂੰ ਬੇਇੰਤਹਾ ਮੁਹੱਬਤ ਕਰਨ ਵਾਲੇ ਇਨਸਾਨ ਦਾ ਕਤਰਾ ਕਤਰਾ ਆਪਣੀ ਕੌਮ ਅਤੇ ਦੇਸ਼ ਨੂੰ ਸਮਰਪਿਤ ਹੁੰਦਾ ਹੈ। ਇਲਾਕੇ ਦੇ ਲੋੜਵੰਦ ਲੋਕਾ ਦੀ ਮੋਹਰੀ ਹੋ ਕੇ ਮਦਦ ਕਰਨ ਵਾਲੇ ਸਮਾਜ ਸੇਵੀ ਬਾਂਸਲ’ਜ ਗਰੁੱਪ ਸੂਲਰ ਘਰਾਟ ਦੇ ਐਮ ਡੀ ਸ੍ਰੀ ਸੰਜੀਵ ਬਾਂਸਲ ਨੇ ਅੱਜ ਆਪਣੀ ਮਾਤਾ ਸਵ. ਸ਼੍ਰੀਮਤੀ ਦਰਸ਼ਨਾ ਦੇਵੀ ਦੀ ਦੀ 12ਵੀਂ ਬਰਸੀ ਨੂੰ ਸਮਰਪਿਤ 33ਵੀਂ ਵਾਰ ਆਪਣਾ ਖੂਨਦਾਨ ਕਰਨ ਸਮੇਂ ਇਹ ਸ਼ਬਦ ਆਖੇ ਕਿ ਖ਼ੂਨ ਦਾਨ ਕਰਨ ਨਾਲ ਆਤਮਿਕ ਸ਼ਾਂਤੀ ਦੇ ਨਾਲ ਨਾਲ ਸਕੂਨ ਵੀ ਮਿਲਦਾ ਹੈ। ਉਹਨਾਂ ਕਿਹਾ ਕਿ ਖੂਨ-ਦਾਨ ਕਰਨ ਤੋਂ ਘਬਰਾਉਣਾ ਇਸ ਵਿਚਲੀ ਸਚਾਈ ਤੋਂ ਅਣਜਾਣ ਹੋਣ ਦਾ ਸਿੱਟਾ ਹੀ ਹੁੰਦਾ ਹੈ। ਡਾਕਟਰੀ ਪੜ੍ਹਾਈ ਅਨੁਸਾਰ ਕੋਈ ਵੀ 18 ਸਾਲ ਤੋਂ 60 ਸਾਲ ਦਾ ਤੰਦਰੁਸਤ ਵਿਅਕਤੀ ਖੂਨ-ਦਾਨ ਕਰ ਸਕਦਾ ਹੈ। ਇਸ ਨਾਲ ਖੂਨ-ਦਾਨ ਕਰਨ ਵਾਲੇ ਦੀ ਸਿਹਤ ‘ਤੇ ਕੋਈ ਵੀ ਮਾੜਾ ਪ੍ਰਭਾਵ ਨਹੀਂ ਪੈਂਦਾ। ਖੂਨ-ਦਾਨੀ ਦੇ ਸਰੀਰ ਵਿੱਚ ਦਿੱਤਾ ਗਿਆ ਖੂਨ ਕੁਝ ਘੰਟਿਆਂ ਵਿੱਚ ਹੀ ਪੂਰਾ ਹੋ ਜਾਂਦਾ ਹੈ। ਅੱਜ ਉਹਨਾਂ 33ਵੀਂ ਵਾਰ ਖੂਨਦਾਨ ਕਰਕੇ ਆਪਣੀ ਸਮਾਜ ਸੇਵਾ ਦੀ ਭਾਵਨਾ ਨੂੰ ਲਗਾਤਾਰ ਬਰਕਰਾਰ ਰੱਖਿਆ ਹੈ।





