



ਪੰਜਾਬ ਨੂੰ ਮਿਲਿਆਂ ਨਵਾਂ ਵਿਜੀਲੈਂਸ ਮੁੱਖੀ
ਚੰਡੀਗੜ੍ਹ, ਵਿਨੋਦ ਸ਼ਰਮਾ –ਪੰਜਾਬ ਸਰਕਾਰ ਨੇ 1995 ਬੈਚ ਦੇ ਭਾਰਤੀ ਪੁਲਿਸ ਸੇਵਾ (ਆਈ.ਪੀ.ਐਸ.) ਅਧਿਕਾਰੀ ਸ੍ਰੀ ਜੀ. ਨਾਗੇਸ਼ਵਰ ਰਾਓ ਨੂੰ ਵਿਜੀਲੈਂਸ ਬਿਊਰੋ ਦੇ ਮੁੱਖ ਡਾਇਰੈਕਟਰ ਵਜੋਂ ਤਾਇਨਾਤ ਕੀਤਾ ਹੈ। ਸ੍ਰੀ ਰਾਓ ਇਸ ਸਮੇਂ ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ (ਏ.ਡੀ.ਜੀ.ਪੀ.) ਪ੍ਰੋਵੀਜ਼ਨਿੰਗ, ਪੰਜਾਬ ਵਜੋਂ ਸੇਵਾਵਾਂ ਨਿਭਾਅ ਰਹੇ ਸਨ। ਵਿਜੀਲੈਂਸ ਬਿਊਰੋ ਦੇ ਬੁਲਾਰੇ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਅਨੁਸਾਰ ਸ੍ਰੀ ਰਾਓ 1993 ਬੈਚ ਦੇ ਆਈਪੀਐਸ ਅਧਿਕਾਰੀ ਵਿਸ਼ੇਸ਼ ਡਾਇਰੈਕਟਰ ਜਨਰਲ ਆਫ਼ ਪੁਲਿਸ ਸ੍ਰੀ ਵਰਿੰਦਰ ਕੁਮਾਰ ਤੋਂ ਅਹੁਦਾ ਸੰਭਾਲਣਗੇ। ਸ੍ਰੀ ਵਰਿੰਦਰ ਕੁਮਾਰ ਨੂੰ ਵਿਜੀਲੈਂਸ ਬਿਊਰੋ ਦੇ ਮੁੱਖ ਡਾਇਰੈਕਟਰ ਦੇ ਅਹੁਦੇ ਤੋਂ ਮੁਕਤ ਕਰ ਦਿੱਤਾ ਗਿਆ ਹੈ ਅਤੇ ਉਹ ਅਗਲੇਰੀ ਡਿਊਟੀ ਲਈ ਡਾਇਰੈਕਟਰ ਜਨਰਲ ਆਫ ਪੁਲਿਸ, ਪੰਜਾਬ, ਚੰਡੀਗੜ੍ਹ ਨੂੰ ਰਿਪੋਰਟ ਕਰਨਗੇ। ਜ਼ਿਕਰਯੋਗ ਹੈ ਕਿ 27 ਅਪ੍ਰੈਲ 2017 ਤੋਂ 22 ਜੁਲਾਈ 2019 ਤੱਕ ਵਿਜੀਲੈਂਸ ਬਿਊਰੋ, ਪੰਜਾਬ ਦੇ ਡਾਇਰੈਕਟਰ ਸਮੇਤ ਵੱਖ-ਵੱਖ ਮਹੱਤਵਪੂਰਨ ਅਹੁਦਿਆਂ ‘ਤੇ ਸੇਵਾਵਾਂ ਨਿਭਾਉਣ ਵਾਲੇ ਸ਼੍ਰੀ ਜੀ. ਨਾਗੇਸ਼ਵਰ ਰਾਓ ਅਹਿਮ ਅਹੁਦਿਆਂ ‘ਤੇ ਕੰਮ ਕਰਨ ਦਾ ਤਜ਼ਰਬਾ ਰੱਖਦੇ ਹਨ। ਪਹਿਲੀ ਡਿਵੀਜ਼ਨ ਵਿੱਚ ਸਿਵਲ ਇੰਜੀਨੀਅਰਿੰਗ ਗ੍ਰੈਜੂਏਟ ਸ੍ਰੀ ਰਾਓ ਕਈ ਸਨਮਾਨਾਂ ਨਾਲ ਸਨਮਾਨਿਤ ਕੀਤੇ ਗਏ ਹਨ। ਸਾਲ 2004 ਵਿੱਚ ਕੋਸੋਵੋ ਵਿੱਚ ਸੰਯੁਕਤ ਰਾਸ਼ਟਰ ਮਿਸ਼ਨ ਵਿੱਚ ਇੱਕ ਸਿਵਪੋਲ (ਸੀ.ਆਈ.ਵੀ.ਪੀ.ਓ.ਐਲ)ਅਧਿਕਾਰੀ ਵਜੋਂ ਸੇਵਾ ਲਈ ਉਨ੍ਹਾਂ ਨੂੰ ਸੰਯੁਕਤ ਰਾਸ਼ਟਰ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਸੀ। ਉਨ੍ਹਾਂ ਨੂੰ ਗਣਤੰਤਰ ਦਿਵਸ ਦੇ ਮੌਕੇ ‘ਤੇ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਵਿੱਚ ਆਪਣੀ ਡੈਪੂਟੇਸ਼ਨ ਦੌਰਾਨ 2011 ਵਿੱਚ ਮੈਰੀਟੋਰੀਅਸ ਸਰਵਿਸ ਲਈ ਪੁਲਿਸ ਮੈਡਲ ਵੀ ਪ੍ਰਾਪਤ ਹੋਇਆ, ਅਤੇ ਸਾਲ 2023 ਵਿੱਚ ਗਣਤੰਤਰ ਦਿਵਸ ਦੇ ਮੌਕੇ ‘ਤੇ ਰਾਸ਼ਟਰਪਤੀ ਪੁਲਿਸ ਮੈਡਲ ਨਾਲ ਸਨਮਾਨਿਤ ਕੀਤੇ ਗਏ।


